Sunday, November 23, 2008

ਐਨੀ ਵੀ ਕੀ ਯਾਰ ਬੇ-ਕਦਰੀ ਪਿਆਰਾਂ ਦੀ,
ਧੁੰਦ ਦਾ ਬੱਦਲ ਹੋ ਗਈ ਯਾਰੀ ਯਾਰਾਂ ਦੀ।

ਨਾਲ ਮਰਨ ਦੇ ਕਰਦੇ ਵਾਇਦੇ ਜਿਹੜੇ ਸੀ,
ਮੁੜ ਪਰਤੇ ਨਾ ਲੁੱਟ ਕੇ ਮੌਜ਼ ਬਹਾਰਾਂ ਦੀ।

ਬਹੁਤ ਦੂਰ ਨੇ ਯਾਰਾ ਮੰਜ਼ਲਾਂ ਇਸ਼ਕ ਦੀਆਂ,
ਕੰਡਿਆਂ ਉੱਪਰ ਤੁਰਨਾ ਛਾਂ ਤਲਵਾਰਾਂ ਦੀ।

ਪੁੱਛੀਂ ਬਹਿ ਕੇ ਬਾਤ ਵਸਲ ਦੀਆਂ ਘੜੀਆਂ ਦੀ,
ਮਹਿੰਦੀ ਭਿੱਜੀ ਰਹਿ ਗਈ ਜੋ ਮੁਟਿਆਰਾਂ ਦੀ।

ਨਾ ਫੋਲ੍ਹ ਅੰਗਿਆਰ ਬੁਝੇ ਅਰਮਾਨਾਂ ਦੇ,
ਬਣ ਨਾ ਜਾਏ ਬਾਤ ਖੰਭਾਂ ਤੋਂ ਡਾਰਾਂ ਦੀ।

ਕਈ ਯੁੱਗਾਂ ਤੋਂ ਭਟਕਣ ਰੂਹਾਂ ਪਿਆਰ ਲਈ,
ਗੱਲ ਨਹੀਂ ਹੈ ਇਹ ਕੋਈ ਦਿਨ ਦੋ ਚਾਰਾਂ ਦੀ।

ਡੁੱਬ ਗਈ ਸਣੀਂ ਚੱਪੂ ਵਾਇਦੇ ਉਮਰਾਂ ਦੇ,
ਅੱਧ-ਵਿਚਾਲੇ ਬੇੜੀ ਕੱਚਿਆਂ ਕੌਲ-ਕਰਾਰਾਂ ਦੀ।

ਧੁਰ ਦਰਗ਼ਾਹੋਂ ਗਈ ਸਰਾਪੀ ਜਿੰਦ ਜਿਹੜੀ,
ਕਿੰਜ ਨਬਜ਼ਾਂ ਟੋਹ ਟੋਹ ਲੱਭੇਂ ਮਰਜ਼ ਬੀਮਾਰਾਂ ਦੀ।

ਕੱਚ ਦੇ ਮਣਕੇ ਥਾਂ ਮੋਤੀ ਦੀ ਪੂਰਨ ਨਾ,
ਕਿਵੇਂ ਪਰੋਵੇ ਲੜੀ "ਚੰਨੀ" ਖਿੰਡ ਗਏ ਹਾਰਾਂ ਦੀ।

(www.channi5798.blogspot.com)